- January 18, 2025
- Updated 2:52 am
Lok Sabha Malwa Belt 2024: ਇਤਿਹਾਸ ਤੇ ਸਭਿਆਚਾਰਕ ਪੱਖ ਤੋਂ ਮਾਲਵੇ ਖੇਤਰ ਦਾ ਹੈ ਵਿਸ਼ੇਸ਼ ਮਹੱਤਵ, ਵੋਟਿੰਗ ਤੋਂ ਪਹਿਲਾਂ ਸੀਟਾਂ ‘ਤੇ ਮਾਰੋ ਇੱਕ ਝਾਂਤ
Lok Sabha Malwa Belt 2024: ਪੰਜਾਬ ਸਣੇ 8 ਸੂਬਿਆਂ ’ਚ 1 ਜੂਨ ਨੂੰ ਵੋਟਿੰਗ ਹੋਵੇਗੀ। ਜਿਸਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਇੱਥੇ ਹੀ ਜੇਕਰ ਮਾਲਵੇ ਖੇਤਰ ਦੀ ਗੱਲ ਕਰੀਏ ਤਾਂ ਮਾਲਵੇ ਦੇ ਖੇਤਰ ’ਚ 8 ਸੀਟਾਂ ਆਉਂਦੀਆਂ ਹਨ। ਜਿਨ੍ਹਾਂ ’ਚ ਲੁਧਿਆਣਾ, ਫ਼ਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ, ਸੰਗਰੂਰ, ਪਟਿਆਲਾ, ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਹਨ।
ਪਟਿਆਲਾ ਸੀਟ ’ਤੇ ਇੱਕ ਝਾਂਤ
13 ਲੋਕ ਸਭਾ ਸੀਟਾਂ ਵਿੱਚ ਸ਼ਾਹੀ ਸ਼ਹਿਰ ਪਟਿਆਲਾ ਦਾ ਆਪਣਾ ਹੀ ਮਹੱਤਵ ਹੈ, ਜੋ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਨਾਲੋਂ ਵੱਧ ਵੋਟਰ ਵਾਲੀ ਸੀਟ ਹੈ। ਇਸ ਵਾਰ ਇਹ ਹੌਟ ਸੀਟ ਵੀ ਬਣੀ ਹੋਈ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ (BJP) ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਕੌਰ ‘ਤੇ ਦਾਅ ਖੇਡਿਆ ਗਿਆ ਹੈ, ਜਦਕਿ ਆਮ ਆਦਮੀ ਪਾਰਟੀ (AAP) ਵੱਲੋਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਹਾਲਾਂਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ। ਪਰੰਤੂ ਕਾਂਗਰਸ (Congress) ਵੱਲੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦਿੱਤੇ ਜਾਣ ਦੀਆਂ ਚਰਚਾਵਾਂ ਹਨ।
ਸਿਆਸੀ ਇਤਿਹਾਸ
ਜੇਕਰ ਪਟਿਆਲਾ ਲੋਕ ਸਭਾ ਦੇ ਹੁਣ ਤੱਕ ਦੇ ਇਤਿਹਾਸ ‘ਤੇ ਝਾਤ ਮਾਰੀਏ ਤਾਂ 1971 ਤੋਂ 2019 ਤੱਕ 13 ਵਾਰ ਹੋਈਆਂ ਚੋਣਾਂ ‘ਚ ਕਾਂਗਰਸ ਨੇ ਸਭ ਤੋਂ ਵੱਧ 7 ਵਾਰ ਚੋਣ ਜਿੱਤੀ ਹੈ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ 4 ਵਾਰ ਇਹ ਸੀਟ ਜਿੱਤੀ। ਇਸਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਇਕ ਵਾਰ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਚੋਣ ਜਿੱਤਣ ‘ਚ ਸਫ਼ਲ ਰਿਹਾ ਹੈ।
1971 ‘ਚ ਹੋਈ ਪਹਿਲੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਸਤਪਾਲ ਨੇ ਪਟਿਆਲਾ ਸੀਟ ਜਿੱਤੀ ਸੀ, ਜਿਨ੍ਹਾਂ ਨੂੰ ਕੁੱਲ 47.87 ਫ਼ੀਸਦੀ ਵੋਟਾਂ ਹਾਸਲ ਹੋਈਆਂ ਸਨ। ਉਪਰੰਤ ਸਾਲ 1977 ‘ਚ ਸੀਨੀਅਰ ਅਕਾਲੀ ਆਗੂ ਤੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨੇ ਪਹਿਲੀ ਵਾਰ ਪਟਿਆਲਾ ਸੀਟ ਜਿੱਤ ਕੇ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ।
1980 ‘ਚ ਇਥੋਂ ਕੈਪਟਨ ਅਰਮਿੰਦਰ ਸਿੰਘ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੀ, ਜਿਸ ਦੌਰਾਨ ਉਨ੍ਹਾਂ ਨੂੰ 56 ਫੀਸਦੀ ਤੋਂ ਵੱਧ ਵੋਟਾਂ ਹਾਸਲ ਹੋਈਆਂ ਸਨ। ਉਪਰੰਤ 1985 ਵਿਚ ਹੋਈ ਚੋਣ ਵਿਚ ਵੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਜੇਤੂ ਰਹੇ। 1992 ‘ਚ ਕਾਂਗਰਸ ਦੇ ਉਮੀਦਵਾਰ ਸੰਤ ਰਾਮ ਸਿੰਗਲਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਬਣੇ। ਫਿਰ 1996 ਅਤੇ 1998 ‘ਚ ਪਟਿਆਲਾ ਤੋਂ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿੱਤ ਹਾਸਲ ਕੀਤੀ ਸੀ।
ਇਸ ਪਿੱਛੋਂ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਲਗਾਤਾਰ ਇਸ ਸੀਟ ‘ਤੇ ਜਿੱਤ ਪ੍ਰਾਪਤ ਕਰਦੀ ਰਹੀ, ਪਰੰਤੂ 2014 ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਜਿੱਤ ਹਾਸਲ ਕਰ ਕੇ ਇਸ ਰੁਝਾਨ ਨੂੰ ਠੱਲ੍ਹ ਪਾਈ। ਡਾ. ਗਾਂਧੀ ਨੇ ਪ੍ਰਨੀਤ ਕੌਰ ਨੂੰ 20 ਹਜ਼ਾਰ 942 ਵੋਟਾਂ ਨਾਲ ਹਰਾਇਆ। ਹਾਲਾਂਕਿ 2019 ਲੋਕ ਸਭਾ ਚੋਣਾਂ ‘ਚ ਪ੍ਰਨੀਤ ਕੌਰ ਮੁੜ ਲੋਕ ਸਭਾ ਮੈਂਬਰ ਚੁਣੇ ਗਏ।
ਲੁਧਿਆਣਾ ਸੀਟ ’ਤੇ ਇੱਕ ਝਾਂਤ
ਉੱਤਰੀ ਭਾਰਤ ਦੇ ਸਭ ਤੋਂ ਵੱਡੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਇਸ ਵਾਰ ਲੋਕ ਸਭਾ ਚੋਣ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ। ਇਹ ਸੂਬੇ ਦੀ ਸਭ ਤੋਂ ਹੌਟ ਸੀਟ ਬਣ ਗਈ ਹੈ।
ਹੁਣ ਤੱਕ ਇਨ੍ਹਾਂ ਲੋਕ ਸਭਾ ਚੋਣਾਂ ‘ਚ ਸਿਰਫ਼ ਪਟਿਆਲਾ ਸੀਟ ‘ਤੇ ਹੀ ਸਭ ਤੋਂ ਵੱਡੀ ਸਿਆਸੀ ਲੜਾਈ ਹੋਣ ਦੀ ਉਮੀਦ ਜਤਾਈ ਜਾ ਰਹੀ ਸੀ ਪਰ ਕਾਂਗਰਸ ਪਾਰਟੀ ਹਾਈਕਮਾਂਡ ਨੇ ਟਿਕਟਾਂ ਦੀ ਵੰਡ ‘ਚ ਅਜਿਹਾ ਜੂਆ ਖੇਡਿਆ ਹੈ ਕਿ ਹੁਣ ਲੋਕ ਸਭਾ ਚੋਣਾਂ ਦੌਰਾਨ ਸਭ ਦੀਆਂ ਨਜ਼ਰਾਂ ਲੁਧਿਆਣਾ ਸੀਟ ‘ਤੇ ਹੀ ਰਹਿਣਗੀਆਂ |
ਲੁਧਿਆਣਾ ਤੋਂ ਦੋ ਵਾਰ ਸਾਂਸਦ ਰਹਿ ਚੁੱਕੇ ਰਵਨੀਤ ਸਿੰਘ ਬਿੱਟੂ ਨੇ ਚੋਣਾਂ ਤੋਂ ਪਹਿਲਾਂ ਅਚਾਨਕ ਪੱਖ ਬਦਲ ਲਿਆ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਨਤੀਜੇ ਵਜੋਂ ਤਿੰਨ ਵਾਰ ਸੰਸਦ ਮੈਂਬਰ ਰਵਨੀਤ ਬਿੱਟੂ ਇਸ ਵਾਰ ਭਾਜਪਾ ਦੇ ਉਮੀਦਵਾਰ ਹਨ। ਇੱਕ ਪਾਸੇ ਬਿੱਟੂ ਦੇ ਪੱਖ ਬਦਲਣ ਨੇ ਕਾਂਗਰਸ ਦੇ ਸਮੀਕਰਨ ਵਿਗਾੜ ਦਿੱਤੇ ਅਤੇ ਕਾਂਗਰਸ ਨੇ ਇਸ ਨੂੰ ਆਪਣੀ ਵੱਕਾਰ ਦਾ ਸਵਾਲ ਬਣਾ ਕੇ ਇੱਥੋਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਿਆ।
ਸਿਆਸੀ ਇਤਿਹਾਸ
2019 ਦੀਆਂ ਚੋਣਾਂ ‘ਚ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ 3.07 ਲੱਖ ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੇ, ਉਹ ਇਸ ਵਾਰ ਚੋਣ ਨਹੀਂ ਲੜ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਕਾਂਗਰਸ ‘ਚ ਰਲੇਵਾਂ ਕਰ ਦਿੱਤਾ ਹੈ, ਇਸ ਵਾਰ ਬੈਂਸ ਬ੍ਰਦਰਜ਼ ਕਾਂਗਰਸ ਦਾ ਸਮਰਥਨ ਕਰ ਰਹੇ ਹਨ। ਜ਼ਾਹਰ ਹੈ ਕਿ 2014 ਤੋਂ ਬੈਂਸ ਇਸ ਸੰਸਦੀ ਹਲਕੇ ਤੋਂ ਚੌਣ ਲੜੇ ਸਨ। ਸਾਲ 2014 ‘ਚ ਕਾਂਗਰਸ, ਅਕਾਲੀ, ਭਾਜਪਾ, ‘ਆਪ’ ਅਤੇ ਬੈਂਸ ਵਿਚਾਲੇ ਚੌਤਰਫਾ ਮੁਕਾਬਲਾ ਸੀ। ਸਾਲ 2019 ‘ਚ ਕਾਂਗਰਸ, ਲੋਕ ਇਨਸਾਫ ਪਾਰਟੀ, ਅਕਾਲੀ ਭਾਜਪਾ ਅਤੇ ‘ਆਪ’ ਵਿਚਾਲੇ ਮੁਕਾਬਲਾ ਸੀ।
ਸੰਗਰੂਰ ਸੀਟ ’ਤੇ ਇੱਕ ਝਾਂਤ
ਉੱਥੇ ਹੀ ਦੂਜੇ ਪਾਸੇ ਜੇਕਰ ਸੰਗਰੂਰ ਸੀਟ ’ਤੇ ਇੱਕ ਝਾਂਤ ਮਾਰੀ ਜਾਵੇ ਤਾਂ ਸੰਗਰੂਰ ਸਭ ਤੋਂ ਵੱਧ ਦਿਲਚਸਪ ਲੋਕ ਸਭਾ ਸੀਟਾਂ ਵਿੱਚੋਂ ਇੱਕ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਇਸੇ ਸੀਟ ਤੋਂ ਦੋ ਵਾਰੀ ਚੰਗੀ ਬਹੁਮਤ ਨਾਲ ਲੋਕ ਸਭਾ ਮੈਂਬਰ ਚੁਣੇ ਜਾ ਚੁੱਕੇ ਸਨ ਪਰ ਪੰਜਾਬ ਵਿੱਚ ‘ਆਪ’ਸਰਕਾਰ ਬਣਨ ਮਗਰੋਂ ਹੋਈਆਂ ਜ਼ਿਮਨੀ ਚੋਣਾਂ ਵਿੱਚ ਇਹ ਸੀਟ ਪਾਰਟੀ ਦੇ ਹੱਥੋਂ ਨਿਕਲ ਗਈ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ, 3 ਮੰਤਰੀ ਜਿਨ੍ਹਾਂ ’ਚ ਹਰਪਾਲ ਚੀਮਾ, ਅਮਨ ਅਰੋੜਾ ਤੇ ਮੀਤ ਹੇਅਰ ਇਸੇ ਸੀਟ ਦੇ ਦਾਇਰੇ ਵਿੱਚ ਆਉਂਦੇ ਹਨ। ਇਸ ਸੀਟ ’ਤੇ ਪੰਜਾਬ ਵਿੱਚ ਨਿਗੂਣੇ ਅਧਾਰ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਆਪਣੀ ਜਿੱਤ ਦਰਜ ਕਰਨ ਵਿੱਚ ਸਫ਼ਲ ਰਹੇ ਸਨ।
ਸ੍ਰੀ ਫਤਹਿਗੜ੍ਹ ਸਾਹਿਬ ਦੀ ਸੀਟ ’ਤੇ ਇੱਕ ਝਾਂਤ
ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ‘ਆਪ’ ਦੇ ਗੁਰਪ੍ਰੀਤ ਸਿੰਘ ਜੀਪੀ ਅਤੇ ਕਾਂਗਰਸ ਦੇ ਡਾ: ਅਮਰ ਸਿੰਘ ਦਰਮਿਆਨ ਮੁਕਾਬਲਾ ਹੈ। ਹਾਲਾਂਕਿ, ਇੱਥੇ ਧਰਮ ਪਰਿਵਰਤਨ ਕਰਨ ਵਾਲੇ ਇਸਾਈ ਭਾਈਚਾਰੇ ਦੇ ਲੋਕਾਂ ਦਾ ਵੋਟ ਬੈਂਕ ਦੋਵਾਂ ਉਮੀਦਵਾਰਾਂ ਦੀਆਂ ਚੋਣਾਵੀ ਗਿਣਤੀਆਂ-ਮਿਣਤੀਆਂ ਨੂੰ ਵਿਗਾੜ ਸਕਦਾ ਹੈ। ਪੀਟਰ ਮਸੀਹ ਮਸੀਹੀ ਭਾਈਚਾਰੇ ਵਿੱਚੋਂ ਚੋਣ ਮੈਦਾਨ ਵਿੱਚ ਉਤਰਿਆ ਹੈ, ਜਿਸ ਨਾਲ ਕਾਂਗਰਸ ਅਤੇ ਅਕਾਲੀ ਦਲ ਨੂੰ ਜਾਣ ਵਾਲੇ ਇਸਾਈ ਭਾਈਚਾਰੇ ਦੀਆਂ ਵੋਟਾਂ ਵਿੱਚ ਕਟੌਤੀ ਹੋ ਸਕਦੀ ਹੈ।
ਸਿਆਸੀ ਇਤਿਹਾਸ
ਸ੍ਰੀ ਫਤਿਹਗੜ੍ਹ ਸਾਹਿਬ ਵੀ ਇੱਕ ਲੋਕ ਸਭਾ ਸੀਟ ਹੈ ਜੋ ਸਾਲ 2008 ਵਿੱਚ ਹੱਦਬੰਦੀ ਤੋਂ ਬਾਅਦ ਹੋਂਦ ਵਿੱਚ ਆਈ ਸੀ। ਇਹ ਸੀਟ ਜਲੰਧਰ, ਹੁਸ਼ਿਆਰਪੁਰ ਅਤੇ ਫਰੀਦਕੋਟ ਵਾਂਗ ਇੱਕ ਰਾਖਵੀਂ ਲੋਕ ਸਭਾ ਸੀਟ ਹੈ। 2019 ਦੀਆਂ ਆਮ ਚੋਣਾਂ ਵਿੱਚ ਅਮਰ ਸਿੰਘ ਨੇ ਇਹ ਸੀਟ ਲਗਭਗ 94 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ ਸੀ।
ਇਸ ਦੀਆਂ ਕੁੱਲ 9 ਵਿਧਾਨ ਸਭਾ ਸੀਟਾਂ ’ਚ ਬੱਸੀ ਪਠਾਣਾ, ਫਤਹਿਗੜ੍ਹ ਸਾਹਿਬ, ਅਮਲੋਹ, ਖੰਨਾ, ਸਮਰਾਲਾ, ਸਾਹਨੇਵਾਲ, ਪਾਇਲ, ਰਾਏਕੋਟ, ਅਮਰਗੜ੍ਹ – ਅਨੁਸੂਚਿਤ ਜਾਤੀ ਦੇ ਲੋਕਾਂ ਲਈ ਰਾਖਵੀਆਂ ਸੀਟਾਂ ਅਧੀਨ ਆਉਂਦੀਆਂ ਹਨ। ਇਨ੍ਹਾਂ 9 ਵਿਧਾਨ ਸਭਾ ਸੀਟਾਂ ਵਿੱਚੋਂ ਤਿੰਨ ਸੀਟਾਂ ਰਾਖਵੀਆਂ ਹਨ।
ਜੇਕਰ 2019 ਦੀਆਂ ਆਮ ਚੋਣਾਂ ਦੀ ਗੱਲ ਕਰੀਏ ਤਾਂ ਇਸ ਚੋਣ ਵਿਚ ਡਾ: ਅਮਰ ਸਿੰਘ ਕਾਂਗਰਸ ਦੀ ਟਿਕਟ ‘ਤੇ ਸਦਨ ਵਿਚ ਪਹੁੰਚੇ ਸਨ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੇ ਅਮਰ ਸਿੰਘ ਨੂੰ ਟੱਕਰ ਦਿੱਤੀ ਸੀ। ਕਾਂਗਰਸ ਦੇ ਡਾਕਟਰ ਅਮਰ ਸਿੰਘ ਨੂੰ ਕੁੱਲ 4 ਲੱਖ 11 ਵੋਟਾਂ ਮਿਲੀਆਂ ਸਨ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੂੰ 3 ਲੱਖ 18 ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਅਮਰ ਸਿੰਘ ਨੇ ਇਹ ਸੀਟ ਕਰੀਬ 94 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ ਸੀ। 2019 ਦੀਆਂ ਆਮ ਚੋਣਾਂ ਵਿੱਚ ਐਲਆਈਪੀ ਦੇ ਮਨਵਿੰਦਰ ਸਿੰਘ ਗਿਆਸਪੁਰਾ ਤੀਜੇ ਸਥਾਨ ’ਤੇ ਰਹੇ।
ਇਸ ਸੀਟ ‘ਤੇ 2014 ਦੀਆਂ ਆਮ ਚੋਣਾਂ ਕਾਫੀ ਦਿਲਚਸਪ ਰਹੀਆਂ ਸਨ। ਹਰਿੰਦਰ ਸਿੰਘ ਖਾਲਸਾ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਉਸਦਾ ਮੁਕਾਬਲਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਾਧੂ ਸਿੰਘ ਨਾਲ ਸੀ। 2014 ਦੀਆਂ ਚੋਣਾਂ ਵਿੱਚ ਹਰਿੰਦਰ ਸਿੰਘ ਖਾਲਸਾ ਨੂੰ ਕਰੀਬ 36 ਫੀਸਦੀ ਅਤੇ ਕਾਂਗਰਸ ਨੂੰ 30 ਫੀਸਦੀ ਵੋਟਾਂ ਮਿਲੀਆਂ ਸਨ।
ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ’ਤੇ ਇੱਕ ਝਾਂਤ
ਸਿੱਖ ਧਰਮ ਦੇ ਦੋ ਗੁਰੂ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿੱਚ ਰਹਿੰਦੇ ਸਨ। ਨਾਲ ਹੀ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਲ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਤੀਜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿੱਚ ਹੈ।
ਆਨੰਦਪੁਰ ਸਾਹਿਬ ਵੀ ਇੱਕ ਲੋਕ ਸਭਾ ਸੀਟ ਹੈ ਜੋ ਆਮ ਉਮੀਦਵਾਰਾਂ ਲਈ ਹੈ ਭਾਵ ਇਹ ਸੀਟ ਪੰਜਾਬ ਦੀਆਂ 4 ਸੀਟਾਂ (ਜਲੰਧਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਅਤੇ ਫਰੀਦਕੋਟ ਸੀਟਾਂ) ਵਾਂਗ ਰਾਖਵੀਂ ਨਹੀਂ ਹੈ। ਇਹ ਸੀਟ ਸਾਲ 2008 ‘ਚ ਹੱਦਬੰਦੀ ਤੋਂ ਬਾਅਦ ਹੋਂਦ ‘ਚ ਆਈ ਸੀ, ਜਿਸ ਕਾਰਨ ਹੁਣ ਤੱਕ ਇਸ ਸੀਟ ‘ਤੇ ਸਿਰਫ ਤਿੰਨ ਵਾਰ ਲੋਕ ਸਭਾ ਚੋਣਾਂ ਹੋਈਆਂ ਹਨ। 2024 ਦੀਆਂ ਆਮ ਚੋਣਾਂ ਚੌਥੀ ਲੋਕ ਸਭਾ ਚੋਣ ਹੋਵੇਗੀ।
ਪੰਜਾਬ ਦੀ ਸ੍ਰੀ ਆਨੰਦਪੁਰ ਸਾਹਿਬ ਸੀਟ ‘ਤੇ ਨਵੇਂ ਚਿਹਰੇ ਦਿੱਗਜਾਂ ਨੂੰ ਚੁਣੌਤੀ ਦੇ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਿਚਾਲੇ ਮੁਕਾਬਲਾ ਹੈ ਪਰ ਭਾਜਪਾ ਦੇ ਡਾ: ਸੁਭਾਸ਼ ਸ਼ਰਮਾ ਵੀ ਚੋਣ ਮੈਦਾਨ ’ਚ ਹਨ। ਹਿੰਦੂ ਵੋਟਾਂ ਆਪਣੇ ਹੱਕ ਵਿੱਚ ਭੁਗਤ ਕੇ ਉਹ ਦੋਵਾਂ ਪਾਰਟੀਆਂ ਦਾ ਗਣਿਤ ਵਿਗਾੜ ਸਕਦੇ ਹਨ।
ਸਿਆਸੀ ਇਤਿਹਾਸ
2009 ਤੋਂ 2019 ਤੱਕ ਇਹ ਸੀਟ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿੱਚ ਰਹੀ ਹੈ। ਇਸ ਸੀਟ ਅਧੀਨ ਕੁੱਲ 9 ਵਿਧਾਨ ਸਭਾ ਸੀਟਾਂ- ਗੜ੍ਹਸ਼ੰਕਰ, ਬੰਗਾ, ਨਵਾਂ ਸ਼ਹਿਰ, ਬਲਾਚੌਰ, ਆਨੰਦਪੁਰ ਸਾਹਿਬ, ਰੂਪਨਗਰ, ਚਮਕੌਰ ਸਾਹਿਬ, ਖਰੜ, ਸ. ਏ. ਐਸ ਨਗਰ ਵਿੱਚ ਆਉਂਦਾ ਹੈ। ਇਨ੍ਹਾਂ 9 ਸੀਟਾਂ ਵਿੱਚੋਂ ਦੋ ਸੀਟਾਂ ਬੰਗਾ ਅਤੇ ਚਮਕੌਰ ਸਾਹਿਬ ਐਸ.ਸੀ. ਰਾਖਵੀਆਂ ਹਨ।
ਆਨੰਦਪੁਰ ਸਾਹਿਬ ਸੀਟ ‘ਤੇ ਕੌਣ ਜਿੱਤੇਗਾ, ਇਸ ਦਾ ਫੈਸਲਾ 17.27 ਲੱਖ ਵੋਟਰ ਕਰਨਗੇ, ਜਿਨ੍ਹਾਂ ‘ਚੋਂ 9.01 ਲੱਖ ਪੁਰਸ਼ ਅਤੇ 8.25 ਲੱਖ ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 63 ਤੀਜੇ ਲਿੰਗ ਦੇ ਵੋਟਰ ਵੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਫਰੀਦਕੋਟ ਸੀਟ ’ਤੇ ਇੱਕ ਝਾਂਤ
ਫ਼ਰੀਦਕੋਟ ਸਿਰਫ਼ ਇੱਕ ਸ਼ਹਿਰ ਹੀ ਨਹੀਂ ਸਗੋਂ ਇੱਕ ਜ਼ਿਲ੍ਹਾ ਵੀ ਹੈ। ਇਸ ਤੋਂ ਇਲਾਵਾ, ਇਹ ਫਰੀਦਕੋਟ ਡਵੀਜ਼ਨ ਦਾ ਹੈੱਡਕੁਆਰਟਰ ਵੀ ਹੈ। ਫਰੀਦਕੋਟ ਡਿਵੀਜ਼ਨ 1995 ਵਿੱਚ ਬਣਾਇਆ ਗਿਆ ਸੀ। ਇਸ ਡਿਵੀਜ਼ਨ ਵਿੱਚ ਫਰੀਦਕੋਟ ਜ਼ਿਲ੍ਹੇ ਤੋਂ ਇਲਾਵਾ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਆਉਂਦੇ ਹਨ। ਫਰੀਦਕੋਟ ਸ਼ਹਿਰ ਦਾ ਨਾਂ ਬਾਬਾ ਫਰੀਦ ਦੇ ਨਾਂ ’ਤੇ ਪਿਆ ਹੈ। ਬਾਬਾ ਫਰੀਦ 13ਵੀਂ ਸਦੀ ਦੇ ਸੂਫੀ ਸੰਤ ਹਨ ਜਿਨ੍ਹਾਂ ਦੀ ਕਬਰ ਪਾਕਪਟਨ, ਪਾਕਿਸਤਾਨ ਵਿੱਚ ਹੈ।
ਇਸ ਸ਼ਹਿਰ ਦੀ ਪਛਾਣ ਗਿਆਨੀ ਜ਼ੈਲ ਸਿੰਘ, ਸੁਖਬੀਰ ਸਿੰਘ ਬਾਦਲ, ਮੁਹੰਮਦ ਸਦੀਕ, ਸਾਧੂ ਸਿੰਘ, ਕੌਸ਼ਲਦੀਪ ਸਿੰਘ ਢਿੱਲੋਂ, ਮਨਤਾਰ ਸਿੰਘ ਬਰਾੜ, ਰੁਪਿੰਦਰਪਾਲ ਸਿੰਘ ਅਤੇ ਇਹਾਨਾ ਢਿੱਲੋਂ ਵਰਗੀਆਂ ਸ਼ਖ਼ਸੀਅਤਾਂ ਹਨ। ਫਰੀਦਕੋਟ ਇੱਕ ਲੋਕ ਸਭਾ ਸੀਟ ਵੀ ਹੈ ਜੋ ਪੰਜਾਬ ਦੀਆਂ ਚਾਰ ਰਾਖਵੀਆਂ ਸੀਟਾਂ ਵਿੱਚੋਂ ਇੱਕ ਹੈ। ਪੰਜਾਬ ਵਿੱਚ ਚਾਰ ਰਾਖਵੀਆਂ ਸੀਟਾਂ ਹਨ- ਜਲੰਧਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ।
ਸਿਆਸੀ ਇਤਿਹਾਸ
ਫਰੀਦਕੋਟ ਲੋਕ ਸਭਾ ਸੀਟ ਵਿੱਚ 9 ਵਿਧਾਨ ਸਭਾ ਹਲਕੇ ਸ਼ਾਮਲ ਹਨ- ਨਿਹਾਲ ਸਿੰਘਵਾਲਾ, ਭਾਗਾ ਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫਰੀਦਕੋਟ, ਕੋਟਕਪੂਰਾ, ਜੈਤੂ ਅਤੇ ਰਾਮਪੁਲ। ਫਰੀਦਕੋਟ ਲੋਕ ਸਭਾ ਅਧੀਨ 9 ਸੀਟਾਂ ਵਿੱਚੋਂ 2 ਐਸਸੀ ਭਾਈਚਾਰੇ ਲਈ ਰਾਖਵੀਆਂ ਹਨ। ਨਿਹਾਲ ਸਿੰਘਵਾਲਾ ਅਤੇ ਜੈਤੂ ਇਸ ਵੇਲੇ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਰਾਖਵੇਂ ਹਨ।
ਫਰੀਦਕੋਟ ਲੋਕ ਸਭਾ ਸੀਟ 1952 ਤੋਂ 1976 ਤੱਕ ਮੌਜੂਦ ਨਹੀਂ ਸੀ। ਫਰੀਦਕੋਟ ਸੀਟ 1977 ਵਿੱਚ ਹੋਂਦ ਵਿੱਚ ਆਈ ਸੀ ਅਤੇ ਇਸ ਸੀਟ ਦੇ ਪਹਿਲੇ ਸੰਸਦ ਮੈਂਬਰ ਪ੍ਰਕਾਸ਼ ਸਿੰਘ ਬਾਦਲ ਚੁਣੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਹਾਲਾਂਕਿ ਜ਼ਿਆਦਾ ਦੇਰ ਤੱਕ ਸੰਸਦ ਮੈਂਬਰ ਨਹੀਂ ਰਹੇ। 1980 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਗੁਰਬਿੰਦਰ ਕੌਰ ਬਰਾੜ ਨੇ ਇਹ ਸੀਟ ਜਿੱਤੀ ਸੀ।
1977 ਵਿਚ ਇਹ ਸੀਟ ਹੋਂਦ ਵਿਚ ਆਉਣ ਤੋਂ ਬਾਅਦ ਇਸ ਸੀਟ ‘ਤੇ 12 ਵਾਰ ਆਮ ਚੋਣਾਂ ਹੋਈਆਂ। ਇਨ੍ਹਾਂ 12 ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਤੋਂ ਟੁੱਟ ਚੁੱਕੀਆਂ ਸਿਆਸੀ ਪਾਰਟੀਆਂ ਨੇ 7 ਵਾਰ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ 4 ਵਾਰ ਇਸ ਸੀਟ ‘ਤੇ ਜਿੱਤ ਹਾਸਲ ਕਰ ਚੁੱਕੀ ਹੈ।
ਫਿਰੋਜ਼ਪੁਰ ਸੀਟ ’ਤੇ ਇੱਕ ਝਾਂਤ
ਪੰਜਾਬ ਦਾ ਫ਼ਿਰੋਜ਼ਪੁਰ ਭਾਵੇਂ ਸਿਆਸੀ ਪੰਡਤਾਂ ਲਈ ਲੋਕ ਸਭਾ ਸੀਟ ਵਜੋਂ ਜਾਣਿਆ ਜਾਂਦਾ ਹੈ ਪਰ ਫ਼ਾਜ਼ਿਲਕਾ ਦੇ ਹੁਸੈਨੀਵਾਲਾ ਬਾਰਡਰ ਅਤੇ ਸਾਦਕੀ ਚੈੱਕ ਪੋਸਟ ‘ਤੇ ਹੋਣ ਵਾਲੇ ਰੀਟਰੀਟ ਸਮਾਰੋਹ ਕਾਰਨ ਇਹ ਸ਼ਹਿਰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਵੀ ਰਿਹਾ ਹੈ।
ਜਿੱਥੋਂ ਤੱਕ ਫ਼ਿਰੋਜ਼ਪੁਰ ਲੋਕ ਸਭਾ ਸੀਟ ਦਾ ਸਬੰਧ ਹੈ, ਇਹ ਆਪਣੇ ਅੰਦਰ ਤਿੰਨ ਜ਼ਿਲ੍ਹਿਆਂ ਦੇ ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦੀ ਹੈ। ਇਸ ਸੀਟ ਅਧੀਨ ਕੁੱਲ 9 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। ਇਨ੍ਹਾਂ ਵਿੱਚੋਂ ਤਿੰਨ ਸੀਟਾਂ ਐਸਸੀ ਭਾਈਚਾਰੇ ਦੇ ਲੋਕਾਂ ਲਈ ਰਾਖਵੀਆਂ ਹਨ। ਫ਼ਿਰੋਜ਼ਪੁਰ ਅਧੀਨ 6 ਆਮ ਵਿਧਾਨ ਸਭਾ ਸੀਟਾਂ ਹਨ- ਫ਼ਿਰੋਜ਼ਪੁਰ ਸ਼ਹਿਰ, ਗੁਰੂਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ ਅਤੇ ਮੁਕਤਸਰ।
ਸਿਆਸੀ ਇਤਿਹਾਸ
1952 ਤੋਂ ਬਾਅਦ ਇਸ ਸੀਟ ‘ਤੇ ਕੁੱਲ 18 ਵਾਰ ਲੋਕ ਸਭਾ ਚੋਣਾਂ ਹੋਈਆਂ ਹਨ। ਇਨ੍ਹਾਂ ਵਿੱਚੋਂ 17 ਆਮ ਚੋਣਾਂ ਦੇ ਨਾਲ ਅਤੇ ਇੱਕ ਵਾਰ 1969 ਵਿੱਚ ਹੋਈਆਂ ਸਨ। ਮੋਟੇ ਤੌਰ ‘ਤੇ ਦੇਖਿਆ ਜਾਵੇ ਤਾਂ ਫ਼ਿਰੋਜ਼ਪੁਰ ਪੰਜਾਬ ਦੀਆਂ ਉਨ੍ਹਾਂ ਕੁਝ ਸੀਟਾਂ ਵਿੱਚੋਂ ਇੱਕ ਹੈ ਜੋ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਹੈ।
1952 ਵਿੱਚ ਜਦੋਂ ਦੇਸ਼ ਵਿੱਚ ਪਹਿਲੀਆਂ ਲੋਕ ਸਭਾ ਚੋਣਾਂ ਹੋਈਆਂ ਤਾਂ ਬਹੁਤੀਆਂ ਥਾਵਾਂ ’ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ, ਫਿਰੋਜ਼ਪੁਰ ਸੀਟ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ। ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸਿੰਘ ਨੇ 1952 ਦੀਆਂ ਆਮ ਚੋਣਾਂ ਜਿੱਤੀਆਂ ਸਨ।
ਬਠਿੰਡਾ ਸੀਟ ’ਤੇ ਇੱਕ ਝਾਂਤ
ਪਿਛਲੇ ਇੱਕ ਦਹਾਕੇ ਵਿੱਚ ਬਠਿੰਡਾ ਲੋਕ ਸਭਾ ਸੀਟ ਉੱਤੇ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਜਾਪਦਾ ਹੈ। ਇਹ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਇੱਕ ਜਨਰਲ ਸੀਟ ਹੈ। ਬਠਿੰਡਾ ਲੋਕ ਸਭਾ ਸੀਟ ਅਧੀਨ ਕੁੱਲ 9 ਵਿਧਾਨ ਸਭਾ ਸੀਟਾਂ- ਲੰਬੀ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਆਉਂਦੀਆਂ ਹਨ।
ਸਿਆਸੀ ਇਤਿਹਾਸ
ਜੇਕਰ ਬਠਿੰਡਾ ਸੀਟ ‘ਤੇ ਨਜ਼ਰ ਮਾਰੀਏ ਤਾਂ ਇਹ ਸੀਟ 1952 ਤੋਂ 1962 ਤੱਕ ਕਾਂਗਰਸ ਪਾਰਟੀ ਕੋਲ ਰਹੀ। ਇਨ੍ਹਾਂ ਦਸ ਸਾਲਾਂ ਵਿੱਚ ਸਰਦਾਰ ਹੁਕਮ ਸਿੰਘ ਅਤੇ ਅਜੀਤ ਸਿੰਘ ਵਰਗੇ ਤਾਕਤਵਰ ਆਗੂ ਇਸ ਸੀਟ ਤੋਂ ਸਦਨ ਵਿੱਚ ਪਹੁੰਚੇ। ਇਸ ਤੋਂ ਬਾਅਦ ਇਸ ਸੀਟ ‘ਤੇ ਅਕਾਲੀ ਦਲ ਦੀ ਐਂਟਰੀ ਹੋਈ। ਬਠਿੰਡਾ ਪੰਜਾਬ ਦੀਆਂ ਉਨ੍ਹਾਂ ਕੁਝ ਸੀਟਾਂ ਵਿੱਚੋਂ ਇੱਕ ਹੈ ਜਿੱਥੇ ਖੱਬੇ ਪੱਖੀ ਸਿਆਸਤ ਉਪਜਾਊ ਰਹੀ ਹੈ। ਭਾਰਤੀ ਕਮਿਊਨਿਸਟ ਪਾਰਟੀ ਭਾਵ ਸੀਪੀਆਈ 1971 ਦੀਆਂ ਆਮ ਚੋਣਾਂ ਵਿੱਚ ਹੀ ਨਹੀਂ ਸਗੋਂ 1999 ਵਿੱਚ ਵੀ ਬਠਿੰਡਾ ਸੀਟ ਜਿੱਤਣ ਵਿੱਚ ਸਫਲ ਰਹੀ ਸੀ।
1984 ਤੋਂ ਲੈ ਕੇ ਹੁਣ ਤੱਕ ਦੋ ਮੌਕਿਆਂ ਨੂੰ ਛੱਡ ਕੇ ਇਸ ਸੀਟ ਤੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੀ ਆਮ ਚੋਣਾਂ ਜਿੱਤ ਕੇ ਸਦਨ ਤੱਕ ਪਹੁੰਚਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤ ਆਗੂ ਅਤੇ ਬਾਦਲ ਪਰਿਵਾਰ ਨਾਲ ਸਬੰਧਤ ਹਰਸਿਮਰਤ ਕੌਰ ਬਾਦਲ 2009 ਤੋਂ ਲਗਾਤਾਰ ਇਸ ਸੀਟ ਤੋਂ ਚੋਣ ਲੜਦੇ ਆ ਰਹੇ ਹਨ। ਉਨ੍ਹਾਂ ਤੋਂ ਪਹਿਲਾਂ 2004 ਵਿੱਚ ਪਰਮਜੀਤ ਕੌਰ ਗੁਲਸ਼ਨ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਜਿੱਤੇ ਸਨ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ