- November 23, 2024
- Updated 5:24 am
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਮੈਦਾਨ ‘ਚ, ਲੁਧਿਆਣਾ ‘ਚ ਸਭ ਤੋਂ ਵੱਧ 43 ਉਮੀਦਵਾਰ
Lok Sabha Elections 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ (CEO Punjab Sibin C) ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਚੋਣ ਲੜਨਗੇ ਜਦਕਿ ਲੋਕ ਸਭਾ ਚੋਣਾਂ-2014 ਵਿੱਚ 253 ਅਤੇ 2019 ਵਿੱਚ ਕੁੱਲ 278 ਉਮੀਦਵਾਰਾਂ ਨੇ ਚੋਣ ਲੜੀ ਸੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ ਤੱਕ ਕੁੱਲ 25 ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲਏ ਹਨ। ਇਸ ਤੋਂ ਪਹਿਲਾਂ ਸੂਬੇ ਵਿੱਚ 466 ਉਮੀਦਵਾਰਾਂ ਨੇ 598 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਅਤੇ ਕਾਗਜ਼ਾਂ ਦੀ ਪੜਤਾਲ ਤੇ ਪੱਤਰ ਵਾਪਸੀ ਤੋਂ ਬਾਅਦ ਕੁੱਲ ਉਮੀਦਵਾਰਾਂ ਦੀ ਸੰਖਿਆ 328 ਰਹਿ ਗਈ ਹੈ, ਜਿਨ੍ਹਾਂ ਵਿੱਚ 302 ਮਰਦ ਅਤੇ 26 ਮਹਿਲਾ ਉਮੀਦਵਾਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਲੋਕ ਸਭਾ ਸੀਟ ਉੱਤੇ ਸਭ ਤੋਂ ਵੱਧ 43 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਹੁਣ ਜਦੋਂ ਇਹ ਸਾਫ ਹੋ ਗਿਆ ਹੈ ਕਿ ਕਿਹੜੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਤਾਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਲਈ ਭਾਰਤੀ ਚੋਣ ਕਮਿਸ਼ਨ ਦੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਉਮੀਦਵਾਰਾਂ ਨੂੰ ਦੂਜਿਆਂ ਦੀ ਆਲੋਚਨਾ ਕਰਦੇ ਸਮੇਂ ਬੇਬੁਨਿਆਦ ਦੋਸ਼ ਲਗਾਉਣ ਅਤੇ ਵਿਵਾਦਤ ਬਿਆਨ ਦੇਣ ਤੋਂ ਬਚਣ ਲਈ ਕਿਹਾ ਹੈ।
ਉਨ੍ਹਾਂ ਦੱਸਿਆ ਕਿ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਬਿਨਾਂ ਅਗਾਊਂ ਲਿਖਤੀ ਇਜਾਜ਼ਤ ਦੇ ਲਾਊਡ ਸਪੀਕਰਾਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਸਥਾਨਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਚੋਣ ਪ੍ਰਚਾਰ ਵਿੱਚ ਲੱਗੇ ਸਾਰੇ ਰਾਜਨੀਤਿਕ ਵਰਕਰਾਂ ਨੂੰ ਬੈਜ ਜਾਂ ਸ਼ਨਾਖਤੀ ਕਾਰਡ ਦਿਖਾਉਣ ਅਤੇ ਚੋਣ ਪ੍ਰਚਾਰ ਦੌਰਾਨ ਤੇ ਚੋਣਾਂ ਵਾਲੇ ਦਿਨ ਵਾਹਨਾਂ ਸਬੰਧੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਕਿਹਾ ਹੈ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵੋਟਰਾਂ ਨੂੰ ਜਾਰੀ ਕੀਤੀਆਂ ਗੈਰ-ਅਧਿਕਾਰਤ ਪਛਾਣ ਪਰਚੀਆਂ ਸਾਦੇ (ਚਿੱਟੇ) ਕਾਗਜ਼ ‘ਤੇ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਵਿੱਚ ਪਾਰਟੀ ਦਾ ਕੋਈ ਚਿੰਨ੍ਹ ਅਤੇ ਨਾਮ ਜਾਂ ਉਮੀਦਵਾਰ ਦਾ ਨਾਮ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਹਲਕੇ ਤੋਂ ਬਾਹਰਲੇ ਵੋਟਰਾਂ ਅਤੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੀ ਸਮਾਪਤੀ ਵਾਲੇ ਦਿਨ ਤੋਂ ਬਾਅਦ ਹਲਕਾ ਛੱਡਣ ਦੀ ਅਪੀਲ ਕੀਤੀ ਹੈ।
ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਅੰਦਰ ਪ੍ਰਚਾਰ ਦੀ ਸਖਤ ਮਨਾਹੀ
ਉਨ੍ਹਾਂ ਅੱਗੇ ਕਿਹਾ ਕਿ ਰਿਸ਼ਵਤਖੋਰੀ ਅਤੇ ਵੋਟਰਾਂ ਉੱਤੇ ਕਿਸੇ ਵੀ ਤਰੀਕੇ ਦਾ ਪ੍ਰਭਾਵ ਅਤੇ ਹੋਰ ਚੋਣ ਅਪਰਾਧ, ਜਿਵੇਂ ਕਿ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਅੰਦਰ ਪ੍ਰਚਾਰ ਕਰਨ ਦੀ ਸਖ਼ਤ ਮਨਾਹੀ ਹੈ। ਉਨ੍ਹਾਂ ਚੋਣਾਂ ਦੀ ਪਾਰਦਰਸ਼ਤਾ ਬਰਕਰਾਰ ਰੱਖਣ ਲਈ ਸਿਆਸੀ ਪਾਰਟੀਆਂ ਨੂੰ ਨਕਦ ਲੈਣ-ਦੇਣ ਅਤੇ ਵੱਡੀ ਮਾਤਰਾ ਵਿੱਚ ਨਕਦੀ ਲਿਜਾਣ ਤੋਂ ਗੁਰੇਜ਼ ਕਰਨ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਦੂਜੀਆਂ ਪਾਰਟੀਆਂ ਦੀਆਂ ਮੀਟਿੰਗਾਂ ਅਤੇ ਜਲੂਸਾਂ ਵਿੱਚ ਗੜਬੜੀ ਕਰਨ ਦੀ ਮਨਾਹੀ ਹੈ ਅਤੇ ਪੋਲਿੰਗ ਬੂਥਾਂ ਦੇ ਨੇੜੇ ਪ੍ਰਚਾਰ ਸਮੱਗਰੀ ਪ੍ਰਦਰਸ਼ਿਤ ਨਹੀਂ ਹੋਣੀ ਚਾਹੀਦੀ।
ਸਿਬਿਨ ਸੀ ਨੇ ਕਿਹਾ ਕਿ ਨਿੱਜੀ ਰਿਹਾਇਸ਼ਾਂ ਦੇ ਬਾਹਰ ਪ੍ਰਦਰਸ਼ਨ ਜਾਂ ਧਰਨਾ ਲਗਾਉਣਾ ਵੀ ਮਨ੍ਹਾ ਹੈ ਅਤੇ ਸਿਆਸੀ ਮੀਟਿੰਗਾਂ ਵਿਚ ਕਿਸੇ ਵੀ ਵਿਘਨ ਵਿਰੁੱਧ ਪੁਲਿਸ ਦੀ ਮਦਦ ਲੈਣੀ ਚਾਹੀਦੀ ਹੈ। ਲੋਕ ਨੁਮਾਇੰਦਗੀ ਐਕਟ, 1951 ਦੀ ਧਾਰਾ 127 ਦੇ ਅਨੁਸਾਰ, ਕੋਈ ਵੀ ਵਿਅਕਤੀ ਜੋ ਜਨਤਕ ਮੀਟਿੰਗਾਂ ਵਿੱਚ ਮਾਹੌਲ ਨੂੰ ਵਿਗਾੜਦਾ ਹੈ, ਉਹ ਛੇ ਮਹੀਨੇ ਦੀ ਕੈਦ, ਦੋ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦੇ ਯੋਗ ਹੋ ਸਕਦਾ ਹੈ।
ਕਿਸ ਲੋਕ ਸਭਾ ਹਲਕੇ ਤੋਂ ਕਿੰਨੇ ਉਮੀਦਵਾਰ
ਜਾਣਕਾਰੀ ਦਿੰਦਿਆ ਸਿਬਿਨ ਸੀ ਨੇ ਦੱਸਿਆ ਕਿ ਗੁਰਦਾਸਪੁਰ ਤੋਂ 26 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 23 ਮਰਦ ਅਤੇ 3 ਮਹਿਲਾਵਾਂ ਸ਼ਾਮਲ ਹਨ, ਜਦਕਿ ਅੰਮ੍ਰਿਤਸਰ ਤੋਂ 30 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 26 ਮਰਦ ਅਤੇ 4 ਮਹਿਲਾਵਾਂ ਸ਼ਾਮਲ ਹਨ। ਖਡੂਰ ਸਾਹਿਬ ਤੋਂ 27 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਸਾਰੇ ਉਮੀਦਵਾਰ ਮਰਦ ਹਨ।
ਜਲੰਧਰ ਤੋਂ 20 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 17 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ। ਹੁਸ਼ਿਆਰਪੁਰ ਤੋਂ ਕੁੱਲ 16 ਉਮੀਦਵਾਰਾਂ ਵਿੱਚੋਂ 14 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣਾਂ ਲੜ ਰਹੀਆਂ ਹਨ। ਆਨੰਦਪੁਰ ਸਾਹਿਬ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 26 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਲੁਧਿਆਣਾ ‘ਚ ਸਭ ਤੋਂ ਵੱਧ 43 ਉਮੀਦਵਾਰ
ਲੁਧਿਆਣਾ ਤੋਂ 43 ਉਮੀਦਵਾਰਾਂ ਵਿੱਚੋਂ 41 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਫਤਿਹਗੜ੍ਹ ਸਾਹਿਬ ਤੋਂ ਕੁੱਲ 14 ਉਮੀਦਵਾਰਾਂ ਵਿੱਚੋਂ 13 ਮਰਦ ਅਤੇ 1 ਮਹਿਲਾ ਉਮੀਦਵਾਰ ਚੋਣ ਲੜ ਰਹੇ ਹਨ। ਫਰੀਦਕੋਟ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 26 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਫਿਰੋਜ਼ਪੁਰ ਤੋਂ ਕੁੱਲ 29 ਉਮੀਦਵਾਰ ਚੋਣ ਲੜ ਰਹੇ ਹਨ, ਜੋ ਕਿ ਸਾਰੇ ਮਰਦ ਹਨ। ਬਠਿੰਡਾ ਤੋਂ ਕੁੱਲ 18 ਉਮੀਦਵਾਰਾਂ ਵਿੱਚ 15 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ। ਸੰਗਰੂਰ ਤੋਂ 23 ਉਮੀਦਵਾਰਾਂ ਵਿੱਚੋਂ 22 ਮਰਦ ਅਤੇ 1 ਮਹਿਲਾ ਉਮੀਦਵਾਰ ਚੋਣ ਲੜ ਰਹੇ ਹਨ ਜਦਕਿ ਪਟਿਆਲਾ ਤੋਂ 26 ਉਮੀਦਵਾਰਾਂ ਵਿੱਚੋਂ 23 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ