- January 19, 2025
- Updated 2:52 am
ਦਲਿਤ ਰਾਜਨੀਤੀ ਦਾ ਕੇਂਦਰ ਜਲੰਧਰ ਲੋਕ ਸਭਾ, ਦੋ ਉਮੀਦਵਾਰਾਂ ਨੇ 3-3 ਵਾਰ ਬਦਲੀਆਂ ਪਾਰਟੀਆਂ, ਜਾਣੋ ਕੀ ਕਹਿੰਦੇ ਹਨ ਅੰਕੜੇ
Lok Sabha Election 2024: ਦੇਸ਼ ਨੂੰ ਇੱਕ ਵਾਰ ਪ੍ਰਧਾਨ ਮੰਤਰੀ ਅਤੇ ਦੋ ਵਾਰ ਰੱਖਿਆ ਮੰਤਰੀ ਦੇਣ ਵਾਲੀ ਲੋਕ ਸਭਾ ਜਲੰਧਰ ਲਈ ਸਾਰੀਆਂ ਮੁੱਖ ਵਿਰੋਧੀ ਧਿਰਾਂ ਨੇ ਆਪਣੇ-ਆਪਣੇ ਪੱਤੇ ਵਿਛਾ ਦਿੱਤੇ ਹਨ। ਹਾਲਾਂਕਿ ਚਾਰ ਮੁੱਖ ਵਿਰੋਧੀ ਪਾਰਟੀਆਂ ਵਿਚੋਂ ਤਿੰਨ ਦੇ ਉਮੀਦਵਾਰ ਇਸ ਵਾਰ ਹਲਕੇ ਤੋਂ ਬਾਹਰਲੇ ਹਨ। ਪੰਜਾਬ ਦੀ ਸਪੋਰਟਸ ਸਿਟੀ ਵੱਜੋਂ ਮੰਨੇ ਜਾਂਦੇ ਜਲੰਧਰ ਸ਼ਹਿਰ ਤੋਂ ਇਸ ਵਾਰ ਆਮ ਆਦਮੀ ਪਾਰਟੀ (AAP) ਵੱਲੋਂ ਪਵਨ ਕੁਮਾਰ ਟੀਨੂੰ, ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ, ਭਾਜਪਾ ਤੋਂ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼੍ਰੋਮਣੀ ਅਕਾਲੀ ਦਲ (SAD) ਤੋਂ ਮਹਿੰਦਰ ਸਿੰਘ ਕੇਪੀ ਚੋਣ ਮੈਦਾਨ ‘ਚ ਹਨ।
2008 ‘ਚ ਰਾਖਵੀਂ ਹੋਣ ਤੋਂ ਬਾਅਦ ਜਲੰਧਰ ਸੀਟ ਦੇ ਅੰਕੜੇ
ਜਲੰਧਰ ਲੋਕ ਸਭਾ ਸੀਟ (Jalandhar Lok Sabha Seat) ਲਈ ਦੇਸ਼ ਆਜ਼ਾਦ ਹੋਣ ਤੋਂ ਬਾਅਦ 17 ਵਾਰ ਚੋਣਾਂ ਹੋਈਆਂ ਹਨ, ਜਿਸ ‘ਚ ਕਾਂਗਰਸ ਨੇ 13 ਵਾਰੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਜਨਤਾ ਦਲ ਨੇ 2-2 ਵਾਰ ਇਹ ਸੀਟ ਜਿੱਤੀ ਹੈ। 2008 ਤੋਂ ਬਾਅਦ ਨਵੀਂ ਹਲਕਾਬੰਦੀ ਕਾਰਨ ਰਿਜ਼ਰਵ ਹੋਈ ਜਲੰਧਰ ਲੋਕ ਸਭਾ ਸੀਟ ‘ਤੇ 2009 ‘ਚ ਕਾਂਗਰਸ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ 37000 ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤੀ। ਫਿਰ 2014 ‘ਚ ਵੀ ਕਾਂਗਰਸ ਪਾਰਟੀ ਨੇ ਇਸ ਸੀਟ ‘ਤੇ ਕਬਜ਼ਾ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ 70000 ਵੋਟਾਂ ਦੇ ਫਰਕ ਨਾਲ ਦੂਜੇ ਨੰਬਰ ‘ਤੇ ਰਿਹਾ। ਫਿਰ 2019 ਦੀਆਂ ਲੋਕ ਸਭਾ ਚੋਣਾਂ ‘ਚ ਵੀ ਭਾਵੇਂ ਕਾਂਗਰਸ ਦੇ ਸੰਤੋਖ ਚੌਧਰੀ ਨੇ ਦੂਜੀ ਵਾਰ ਚੋਣ ਜਿੱਤੀ, ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਵੋਟ ਫੀਸਦੀ ‘ਚ ਵੱਡਾ ਇਜ਼ਾਫਾ ਕੀਤਾ ਅਤੇ ਪਿਛਲੀਆਂ ਚੋਣਾਂ ਦੇ ਹਿਸਾਬ ਨਾਲ 50 ਹਜ਼ਾਰ ਵੋਟਾਂ ਵੱਧ ਹਾਸਲ ਕੀਤੀਆਂ, ਜਿਸ ਸਦਕਾ ਹਾਰ ਦਾ ਫਰਕ ਘੱਟ ਕੇ 20 ਹਜ਼ਾਰ ਹੀ ਰਹਿ ਗਿਆ।
ਕੀ ਹੈ ਉਮੀਦਵਾਰਾਂ ਦੀ ਸਥਿਤੀ
ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Rinku) ਭਾਵੇਂ ਇਸ ਸਮੇਂ ਮੌਜੂਦਾ ਮੈਂਬਰ ਪਾਰਲੀਮੈਂਟ ਹਨ, ਪਰ ਉਨ੍ਹਾਂ ਲਈ ਰਾਹ ਸੌਖਾ ਨਹੀਂ ਹੋਵੇਗਾ, ਕਿਉਂਕਿ 2023 ‘ਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਅਤੇ ਹੁਣ ਪਾਰਟੀ ਵੱਲੋਂ ਟਿਕਟ ਮਿਲਣ ਦੇ ਬਾਵਜੂਦ ਭਾਜਪਾ ਵਿੱਚ ਛਾਲ ਮਾਰ ਜਾਣ ਨਾਲ ਲੋਕਾਂ ‘ਚ ਉਨ੍ਹਾਂ ਪ੍ਰਤੀ ਉਤਸ਼ਾਹ ਘਟਿਆ ਹੈ। ਇਸਤੋਂ ਇਲਾਵਾ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੀ ਸਥਿਤੀ ਵੀ ਪਤਲੀ ਵਿਖਾਈ ਦੇ ਰਹੀ ਹੈ, ਭਾਵੇਂ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੇ ਸਥਿਤੀ ਬਿਹਤਰ ਕੀਤੀ, ਪਰ 9 ਵਿਚੋਂ ਸਾਢੇ 5 ਹਲਕਿਆਂ ‘ਚ ਸਥਿਤੀ ਡਾਵਾਂਡੋਲ ਰਹੀ। ਹਾਲਾਂਕਿ ਜ਼ਿਮਨੀ ਚੋਣ ‘ਚ ਮੁੜ ਭਾਜਪਾ ਉਮੀਦਵਾਰ ਨੂੰ ਕੁੱਝ ਲਾਭ ਮਿਲਿਆ, ਪਰ ਇਸ ਦੇ ਬਾਵਜੂਦ ਫਿਲੌਰ ਦੇ 5 ਬੂਥ ਹੀ ਅਜਿਹੇ ਸਨ, ਜਿਥੇ ਪਾਰਟੀ ਤਿੰਨ ਅੰਕਾਂ ਨੂੰ ਛੋਹ ਸਕੀ। ਸੁਸ਼ੀਲ ਕੁਮਾਰ ਰਿੰਕੂ ਦੇ ਵਿਧਾਨ ਸਭਾ ਹਲਕੇ ਜਲੰਧਰ ਵੈਸਟ ’ਚ ਤਾਂ ਪਾਰਟੀ ਜ਼ਿਮਨੀ ਚੋਣ ਵੇਲੇ 13,462 ਦੇ ਵੱਡੇ ਫਰਕ ਨਾਲ ਪਛੜ ਗਈ ਸੀ।
ਕਾਂਗਰਸ (Congress) ਵੱਲੋਂ ਭਾਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ, ਪਰ ਕਾਂਗਰਸੀ ਆਗੂ ਵੱਲੋਂ ਹੀ ਉਨ੍ਹਾਂ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ। 2019 ‘ਚ ਕਾਂਗਰਸ ਦੇ ਸੰਸਦ ਮੈਂਬਰ ਮਰਹੂਮ ਸੰਤੋਖ ਚੌਧਰੀ ਦੀ ਧਰਮਪਤਨੀ ਕਰਮਜੀਤ ਕੌਰ ਚੌਧਰੀ ਅਤੇ ਉਨ੍ਹਾਂ ਦਾ ਮੁੰਡਾ ਵਿਕਰਮ ਚੌਧਰੀ ਪਾਰਟੀ ਹਾਈਕਮਾਂਡ ਤੋਂ ਚੰਨੀ ਨੂੰ ਟਿਕਟ ਦਿੱਤੇ ਜਾਣ ਕਾਰਨ ਨਾਰਾਜ਼ ਹਨ ਅਤੇ ਲਗਾਤਾਰ ਕਾਂਗਰਸੀ ਉਮੀਦਵਾਰ ਨੂੰ ਘੇਰਦੇ ਆ ਰਹੇ ਹਨ। ਕਰਮਜੀਤ ਕੌਰ ਜਿਥੇ ਪਾਰਟੀ ਛੱਡ ਕੇ ਭਾਜਪਾ ਵਿੱਚ ਚਲੇ ਗਏ ਹਨ, ਉਥੇ ਬੀਤੇ ਦਿਨ ਕਾਂਗਰਸ ਵੱਲੋਂ ਵਿਧਾਇਕ ਵਿਕਰਮ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਚੌਧਰੀ ਨੇ ਵੀ ਸਸਪੈਂਡ ਹੋਣ ਨੂੰ ਮਨਜੂਰ ਕਰਦਿਆ ਸਿੱਧਾ ਐਲਾਨ ਕੀਤਾ ਹੈ ਕਿ ਉਹ ਹੁਣ ਖੁੱਲ੍ਹ ਕੇ ਚੰਨੀ ਦਾ ਵਿਰੋਧ ਕਰਨਗੇ ਅਤੇ ਘਰ ਘਰ ਜਾ ਕੇ ਚੰਨੀ ਵਿਰੁੱਧ ਪ੍ਰਚਾਰ ਕਰਨਗੇ। ਦੱਸ ਦਈਏ ਕਿ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸਤੋਂ ਇਲਾਵਾ ਚੰਨੀ, ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਦੋਵੇਂ ਸੀਟਾਂ ਤੋਂ ਹਾਰ ਕੇ ਆਏ ਹਨ, ਜੋ ਇਹ ਵੀ ਉਨ੍ਹਾਂ ਦੇ ਹੱਕ ‘ਚ ਨਹੀਂ ਹੈ।
ਆਮ ਆਦਮੀ ਪਾਰਟੀ (AAP) ਵੱਲੋਂ ਉਤਾਰੇ ਬਾਹਰੀ ਉਮੀਦਵਾਰ ਪਵਨ ਕੁਮਾਰ ਟੀਨੂ ਤਿੰਨ ਵਾਰ ਪਾਰਟੀ ਬਦਲ ਚੁੱਕੇ ਹਨ ਅਤੇ ਇੱਕ ਵਾਰ ਆਪਣੀ ਪਾਰਟੀ ਵੀ ਬਣਾ ਚੁੱਕੇ ਹਨ। ਉਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਬਹੁਜਨ ਸਮਾਜ ਪਾਰਟੀ ਤੋਂ ਸ਼ੁਰੂ ਕੀਤੀ ਸੀ ਤੇ 1997 ‘ਚ ਵਿਧਾਨ ਸਭਾ ਦੀ ਚੋਣ ਲੜੀ। ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਉਪਰੰਤ ਉਹ ਅਕਾਲੀ ਦਲ ‘ਚ ਸ਼ਾਮਲ ਹੋ ਗਏ ਸਨ, ਜਿਸ ਪਿੱਛੋਂ ਉਹ ਅਕਾਲੀ ਦਲ ਵੱਲੋਂ ਦੋ ਵਾਰ ਵਿਧਾਨ ਸਭਾ ਪਹੁੰਚੇ, ਪਰ 2014 ਦੀਆਂ ਲੋਕ ਸਭਾ ਚੋਣਾਂ ‘ਚ ਕੋਈ ਕਮਾਲ ਨਹੀਂ ਕਰ ਸਕੇ ਅਤੇ 70891 ਵੋਟਾਂ ਦੇ ਵੱਡੇ ਫਰਕ ਹਾਰ ਗਏ। ਇਸਤੋਂ ਇਲਾਵਾ 2022 ‘ਚ ਵੀ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ‘ਚ ਬਾਹਰਲੇ ਉਮੀਦਵਾਰ ਹੋਣ ਕਾਰਨ ਕਾਰਨ ਆਮ ਆਦਮੀ ਪਾਰਟੀ ਵਿਰੁੱਧ ਰੋਸ ਵੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਭਾਵੇਂ ਬਾਹਰਲੇ ਉਮੀਦਵਾਰ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ, ਪਰ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ (Mohinder Singh Kaypee) ਇਸ ਹਲਕੇ ‘ਤੇ ਵੱਡੀ ਸਿਆਸੀ ਪਕੜ ਰੱਖਦੇ ਹਨ। ਉਹ ਇੱਕ ਵੱਡੇ ਦਲਿਤ ਆਗੂ ਹਨ ਅਤੇ ਜਲੰਧਰ ਵਰਗੇ ਦਲਿਤ ਵੋਟ ਬੈਂਕ ਵਾਲੇ ਲੋਕ ਸਭਾ ਹਲਕੇ ਵਿੱਚ ਵੱਡੀ ਪਕੜ ਹੈ। ਕੇਪੀ 2009 ਵਿੱਚ ਜਲੰਧਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ ਪਰ 2014 ਵਿੱਚ ਹੁਸ਼ਿਆਰਪੁਰ ਤੋਂ ਹਾਰ ਗਏ ਸਨ। ਇਸਤੋਂ ਇਲਾਵਾ ਕੇਪੀ 1992 ਵਿੱਚ ਖੇਡ ਮੰਤਰੀ ਅਤੇ 1995 ਵਿੱਚ ਟਰਾਂਸਪੋਰਟ ਮੰਤਰੀ ਵੀ ਰਹੇ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਿਤਾ ਪਿਤਾ ਦਰਸ਼ਨ ਸਿੰਘ ਕੇਪੀ ਵੀ ਪੰਜਾਬ ਸਰਕਾਰ ‘ਚ ਸਾਬਕਾ ਮੰਤਰੀ ਰਹੇ ਸਨ ਅਤੇ ਜਲੰਧਰ ਤੋਂ ਪੰਜ ਵਾਰ ਵਿਧਾਇਕ ਰਹੇ ਸਨ, ਜਿਨ੍ਹਾਂ ਨੂੰ 1992 ਵਿਚ ਅੱਤਵਾਦੀਆਂ ਨੇ ਮਾਰ ਦਿੱਤਾ ਸੀ।
ਤਿੰਨ ਉਮੀਦਵਾਰ ਹਲਕੇ ਤੋਂ ਬਾਹਰਲੇ
ਜਲੰਧਰ ‘ਚ ਇਸ ਵਾਰ ਮੁੱਖ ਚਾਰ ਪਾਰਟੀਆਂ ਵਿਚੋਂ ਤਿੰਨ ਵੱਲੋਂ ਹਲਕੇ ਤੋਂ ਬਾਹਰਲੇ ਵਿਅਕਤੀਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਇਕੱਲੇ ਅਜਿਹੇ ਉਮੀਦਵਾਰ ਹਨ, ਜਿਹੜੇ ਇਸ ਹਲਕੇ ਤੋਂ ਹੀ ਹਨ। ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਤਿੰਨਾਂ ਵੱਲੋਂ ਮਹੀਨੇ ਦੇ ਅੰਦਰ-ਅੰਦਰ ਦੂਜੀਆਂ ਪਾਰਟੀਆਂ ਛੱਡ ਕੇ ਆਏ ਦਿੱਗਜ਼ ਚਿਹਰਿਆਂ ਨੂੰ ਟਿਕਟ ਦਿੱਤੀ ਗਈ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਗੱਲ ਇਹ ਹੈ ਕਿ ਮਹਿੰਦਰ ਸਿੰਘ ਕੇਪੀ ਜਲੰਧਰ ਹਲਕੇ ‘ਚ ਇੱਕ ਵੱਡਾ ਦਲਿਤ ਚਿਹਰਾ ਹਨ ਅਤੇ 2009 ਦੀ ਲੋਕ ਸਭਾ ਚੋਣ ਵੀ ਜਿੱਤ ਚੁੱਕੇ ਹਨ।
16 ਲੱਖ 42 ਹਜ਼ਾਰ ਤੋਂ ਵੱਧ ਹੈ ਵੋਟਰਾਂ ਦੀ ਗਿਣਤੀ
ਜਲੰਧਰ ਲੋਕ ਸਭਾ ਹਲਕੇ ਵਿੱਚ ਕੁੱਲ 1642857 ਵੋਟਰ ਹਨ, ਜਿਨ੍ਹਾਂ ਵਿੱਚ 854446 ਮਰਦ ਅਤੇ 788368 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 18-19 ਸਾਲ ਦੀ ਉਮਰ ਦੇ 39853 ਵੋਟਰ, 43 ਥਰਡ ਜੈਂਡਰ, 10181 ਪੀ.ਡਬਲਯੂ.ਡੀ. ਵੋਟਰ, 1795 ਸਰਵਿਸ ਵੋਟਰ, 14288 ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ।
ਜਲੰਧਰ ਲੋਕ ਸਭਾ ਸੀਟ ਅਧੀਨ ਨੌਂ ਹਲਕੇ ਆਉਣੇ ਹਨ। ਜਿਨ੍ਹਾਂ ‘ਚ ਫਿਲੌਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਕੈਂਟ ਅਤੇ ਆਦਮਪੁਰ ਸ਼ਾਮਲ ਹਨ।
ਦਲਿਤ ਮੁੱਦਿਆਂ ‘ਤੇ ਕੇਂਦਰਿਤ ਚੋਣ ਪ੍ਰਚਾਰ
ਜਲੰਧਰ ਲੋਕ ਸਭਾ ਸੀਟ ‘ਤੇ ਚੋਣ ਪ੍ਰਚਾਰ ਦਾ ਕੇਂਦਰ ਹਮੇਸ਼ਾ ਹੀ ਦਲਿਤ ਭਾਈਚਾਰੇ ਦੇ ਮੁੱਦਿਆਂ ‘ਤੇ ਰਿਹਾ ਹੈ। ਪੰਜਾਬ ਵਿੱਚ ਦਲਿਤਾਂ ਦੀ ਆਬਾਦੀ 32 ਫੀਸਦੀ ਹੈ, ਜੋ ਕਿ ਸਾਰੇ ਰਾਜਾਂ ਨਾਲੋਂ ਸਭ ਤੋਂ ਵੱਧ ਹੈ। ਹਾਲਾਂਕਿ ਦੁਆਬੇ ਵਿੱਚ ਦਲਿਤਾਂ ਦੀ ਆਬਾਦੀ 45 ਫੀਸਦੀ ਹੈ।
ਸਾਲ 2019 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਨੇ ਆਪਣਾ ਡੰਕਾ ਵਜ੍ਹਾ ਚੋਣਾਂ ਆਪਣੇ ਨਾਂਅ ਕੀਤੀਆਂ ਸਨ, ਜਿਸ ਨੂੰ 3.85 ਲੱਖ ਵੋਟਾਂ ਮਿਲੀਆਂ ਸਨ, ਜਦਕਿ ਦੂਜੇ ਨੰਬਰ ‘ਤੇ ਅਕਾਲੀ-ਭਾਜਪਾ ਗਠਜੋੜ 3.66 ਲੱਖ ਵੋਟਾਂ ਪ੍ਰਾਪਤ ਨਾਲ ਸੀ ਅਤੇ ਆਖਰੀ ਸਥਾਨ ‘ਤੇ ਆਮ ਆਦਮੀ ਪਾਰਟੀ ਨੂੰ ਸਿਰਫ਼ 25,467 ਵੋਟਾਂ ਨਾਲ ਸੰਤੋਸ਼ ਕਰਨਾ ਪਿਆ ਸੀ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ