- February 23, 2025
- Updated 2:22 am
ਜੋੜ ਮੇਲਾ – ਬਾਬਾ ਬਕਾਲਾ ਸਾਹਿਬ
ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਦੋਂ ਜੋਤੀ-ਜੋਤਿ ਸਮਾਉਣ ਦਾ ਸਮਾਂ ਆਇਆ ਤਾਂ ਸੰਗਤਾਂ ਨੇ ਉਨ੍ਹਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਡੀ ਅਗਵਾਈ ਹੁਣ ਕਿਸ ਦੇ ਹੱਥ ਸੌਂਪ ਕੇ ਜਾ ਰਹੇ ਹੋ। ਇਸ ’ਤੇ ਗੁਰੂ ਜੀ ਨੇ ਬੱਸ ਇਹੋ ਫੁਰਮਾਇਆ ‘ਬਾਬਾ ਬਸੈ ਗ੍ਰਾਮ ਬਕਾਲੇ’।

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਲੋਂ ਗੁਰਗੱਦੀ ਦੇ ਵਾਰਸ ਲਈ ਬੋਲੇ ਇਹ ਰਮਝ ਭਰੇ ਬੋਲ ਸੰਗਤਾਂ ਨੂੰ ਅਜੇ ਸਪੱਸ਼ਟ ਰੂਪ ਵਿਚ ਸਮਝ ਨਾ ਆਏ। ਅਸਲ ਵਿਚ ਇਹ ਸ਼ਬਦ ਅੰਮ੍ਰਿਤਸਰ ਦੇ ਪਿੰਡ ਬਕਾਲਾ ਵਿਚ ਮੌਜੂਦ ਰਿਸ਼ਤੇ ਵਿਚ ਉਨ੍ਹਾਂ ਦੇ ਬਾਬਾ ਭਾਵ ਦਾਦਾ ਲਗਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲਈ ਸਨ। ਪਰ ਸੰਗਤਾਂ ਦੇ ਭੋਲੇਪਨ ਦਾ ਫਾਇਦਾ ਚੁੱਕਣ ਲਈ ਕੁਝ ਭੇਖੀ ਅਤੇ ਲਾਲਚੀ ਲੋਕ ਬਕਾਲੇ ਵਿਖੇ ਮੰਜੀਆਂ ਲਗਾ ਕੇ ਗੁਰੂ ਹੋਣ ਦਾ ਦਾਅਵਾ ਕਰਨ ਲਗੇ। ਸੰਗਤਾਂ ਬਕਾਲੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਜਾਂਦੀਆਂ ਪਰ ਉਥੇ ਪਾਖੰਡੀਆਂ ਦੇ ਦਰਸ਼ਨਾਂ ਨਾਲ ਸੰਗਤਾਂ ਦੇ ਮਨ ਨੂੰ ਸ਼ਾਂਤੀ ਨਾ ਮਿਲਦੀ। ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਵਕਤ ਬਕਾਲੇ ਵਿਚ ਹੀ ਨਿਵਾਸ ਕਰਦੇ ਸਨ ਪਰ ਉਹਨਾਂ ਆਪਣੇ ਆਪ ਨੂੰ ਅਜੇ ਸੰਗਤਾਂ ਸਾਹਮਣੇ ਪ੍ਰਗਟ ਨਹੀਂ ਸੀ ਕੀਤਾ।

ਇਕ ਦਿਨ ਗੁਰੂ ਘਰ ਨਾਲ ਅਥਾਹ ਪਿਆਰ ਕਰਨ ਵਾਲੇ ਸੂਝਵਾਨ ਸਿੱਖ ਭਾਈ ਮੱਖਣ ਸ਼ਾਹ ਜੀ ਬਕਾਲਾ ਵਿਖੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ। ਉਥੇ ਇੰਨੀਆਂ ਸਾਰੀਆਂ ਗੱਦੀਆਂ ਲੱਗੀਆਂ ਵੇਖ ਉਹ ਬਹੁਤ ਨਿਰਾਸ਼ ਹੋਏ। ਉਨ੍ਹਾਂ ਸੱਚੇ ਦਿਲੋਂ ਮਨ ਵਿਚ ਗੁਰੂ ਸਾਹਿਬ ਅਗੇ ਅਰਦਾਸ ਕੀਤੀ ਕਿ ਮੈਂ ਆਪ ਜੀ ਲਈ ਜੋ ਭੇਟਾ ਲੈ ਕੇ ਆਇਆਂ ਹਾਂ ਆਪ ਜੀ ਖੁਦ ਹੀ ਮੰਗ ਕੇ ਮੈਥੋਂ ਲੈ ਲਵੋ। ਭਾਈ ਮੱਖਣ ਸ਼ਾਹ ਨੇ ਹਰ ਇਕ ਅੱਗੇ 2-2 ਮੋਹਰਾਂ ਰੱਖ ਕੇ ਮੱਥਾ ਟੇਕਿਆ ਪਰ ਕਿਸੇ ਨੇ ਵੀ ਅਸਲ ਲਿਆਂਦੀ ਭੇਟਾ ਨਾ ਮੰਗੀ।

ਉਪਰੰਤ ਸਥਾਨਕ ਲੋਕਾਂ ਤੋਂ ਹੋਰ ਪੁੱਛ-ਪੜਤਾਲ ਤੋਂ ਬਾਅਦ ਪਤਾ ਲਗਾ ਕਿ ਇਥੇ ਇਕ ਹੋਰ ਮਹਾਂਪੁਰਖ ਵੀ ਹਨ ਜੋ ਪ੍ਰਮਾਤਮਾ ਦੀ ਬੰਦਗੀ ਵਿਚ ਜੁੜੇ ਰਹਿੰਦੇ ਹਨ। ਜਦੋਂ ਗੁਰੂ ਤੇਗ ਬਹਾਦਰ ਜੀ ਦੇ ਨਿਵਾਸ ਵਿਖੇ ਪੁੱਜ ਕੇ ਉਸ ਨੇ 2 ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਜੀ ਨੇ ਉਸ ਵਲੋਂ ਕੀਤੀ ਅਰਦਾਸ ਅਨੁਸਾਰ ਪੂਰੀ ਭੇਟ ਮੰਗ ਲਈ। ਇਹ ਦੇਖ ਕੇ ਭਾਈ ਮੱਖਣ ਸ਼ਾਹ ਜੀ ਬਹੁਤ ਪ੍ਰਸੰਨ ਹੋਏ ਅਤੇ ਉਸੇ ਵੇਲੇ ਛੱਤ ਉਪਰ ਚੜ੍ਹ ਕੇ ਉੱਚੀ ਉੱਚੀ ਸਾਰੀ ਸੰਗਤ ਨੂੰ ਆਖਿਆ ‘ਗੁਰ ਲਾਧੋ ਰੇ, ਗੁਰ ਲਾਧੋ ਰੇ’।

ਇਸ ਤਰ੍ਹਾਂ ਨੌਵੇਂ ਗੁਰੂ ਸਾਹਿਬ ਸੰਗਤਾਂ ਵਿਚ ਪ੍ਰਗਟ ਹੋਏ ਅਤੇ ਪਾਖੰਡੀ ਹੌਲੀ-ਹੌਲੀ ਸ਼ਰਮਸਾਰ ਹੋ ਕੇ ਉਥੋਂ ਚਲੇ ਗਏ। ਇਸੇ ਅਸਥਾਨ ਉਪਰ ਹੁਣ ਗੁਰਦੁਆਰਾ ‘ਬਾਬਾ ਬਕਾਲਾ ਸਾਹਿਬ’ ਸਥਿਤ ਹੈ। ਰੱਖੜ ਪੁੰਨਿਆ ’ਤੇ ਹਰ ਸਾਲ ਇਥੇ ਭਾਰੀ ਜੋੜ-ਮੇਲਾ ਲਗਦਾ ਹੈ ਅਤੇ ਸੰਗਤਾਂ ਦੂਰੋਂ-ਦੂਰੋਂ ਹੁਮ-ਹੁਮਾ ਕੇ ਦਰਸ਼ਨ ਕਰਨ ਲਈ ਆਉਂਦੀਆਂ ਹਨ।

Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ