- January 18, 2025
- Updated 2:52 am
ਖਡੂਰ ਸਾਹਿਬ ਲੋਕ ਸਭਾ: ਅੰਮ੍ਰਿਤਪਾਲ ਸਿੰਘ ਦੀ ‘ENTERY’ ਨੇ ਬਦਲੇ ਸਿਆਸੀ ਸਮੀਕਰਨ, ਜਾਣੋ ਕੀ ਕਹਿੰਦੀ ਹੈ ਅੰਕੜਿਆਂ ਦੀ ਜ਼ੁਬਾਨ
Khadoor Sahib Lok Sabha Seat: ਪੰਜਾਬ ਦੀ ਸਭ ਤੋਂ ਵੱਧ ਮੰਨੀ ਜਾਂਦੀ ਪੰਥਕ ਸੀਟ ਲੋਕ ਸਭਾ ਖਡੂਰ ਸਾਹਿਬ ਲਈ ਸਾਰੀਆਂ ਮੁੱਖ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੇ ਇਸ ਸੀਟ ‘ਤੇ ਲਾਲਜੀਤ ਸਿੰਘ ਭੁੱਲਰ ਨੂੰ ਮੈਦਾਨ ‘ਚ ਉਤਾਰਿਆ ਹੈ, ਜਦਕਿ ਕਾਂਗਰਸ (Congress) ਨੇ ਕੁਲਬੀਰ ਸਿੰਘ ਜੀਰਾ, ਭਾਜਪਾ (BJP) ਨੇ ਮਨਜੀਤ ਸਿੰਘ ਮੰਨਾ ਅਤੇ ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਟਿਕਟ ਦਿੱਤੀ ਹੈ, ਜਿਸ ਨਾਲ ਪਹਿਲਾਂ ਮੁਕਾਬਲਾ ਚੋਤਰਫ਼ਾ ਮੰਨਿਆ ਜਾ ਰਿਹਾ ਸੀ ਪਰ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੀ ਸਿਆਸਤ ‘ਚ ਐਂਟਰੀ ਨੇ ਸਾਰੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ ਅਤੇ ਪਾਰਟੀਆਂ ਨੂੰ ਆਪਣੀ ਰਣਨੀਤੀ ‘ਤੇ ਮੁੜ ਤੋਂ ਡੂੰਘੀ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਖਡੂਰ ਸਾਹਿਬ, ਜਿਸ ਨੂੰ “ਮਿੰਨੀ ਪੰਜਾਬ” ਵਜੋਂ ਵੀ ਜਾਣਿਆ ਜਾਂਦਾ ਹੈ, ਮਾਝਾ, ਦੋਆਬਾ ਅਤੇ ਮਾਲਵਾ ਖੇਤਰਾਂ ਦੇ 4 ਜ਼ਿਲ੍ਹਿਆਂ ‘ਚ ਫੈਲੇ 9 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦਾ ਹੈ। ਜਿਨ੍ਹਾਂ ਵਿੱਚ ਜੰਡਿਆਲਾ, ਤਰਨਤਾਰਨ, ਖੇਮ ਕਰਨ, ਪੱਟੀ, ਖਡੂਰ ਸਾਹਿਬ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਜ਼ੀਰਾ ਸ਼ਾਮਲ ਹਨ। ਆਪਣੇ ਇਤਿਹਾਸਕ ਸਿੱਖ ਗੁਰਦੁਆਰਿਆਂ ਲਈ ਮਸ਼ਹੂਰ ਹਲਕਾ 75 ਫ਼ੀਸਦੀ ਸਿੱਖ ਸ਼ਰਧਾਲੂਆਂ ਦੀ ਆਬਾਦੀ ਵਾਲਾ ਇਲਾਕਾ ਹੈ।
ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਸਭ ਤੋਂ ਵੱਧ ਨੁਮਾਇੰਦਗੀ ਦਾ ਮੌਕਾ
ਜੇਕਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਤਰਨਤਾਰਨ ਤੋਂ ਖਡੂਰ ਸਾਹਿਬ ਲੋਕ ਸਭਾ ਬਣੇ ਇਸ ਹਲਕੇ ‘ਤੇ ਹੁਣ ਤੱਕ ਇਸ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਲੋਹਾ ਰਿਹਾ ਹੈ, ਜਿਸ ਨੇ ਹੁਣ ਤੱਕ ਹੋਈਆਂ ਸਾਰੀਆਂ ਲੋਕ ਸਭਾ ਚੋਣਾਂ ਵਿੱਚ 10 ਵਾਰੀ ਜਿੱਤ ਦਰਜ ਕੀਤੀ ਹੈ, ਜਦਕਿ ਦੂਜੇ ਨੰਬਰ ‘ਤੇ ਮੁੱਖ ਵਿਰੋਧੀ ਧਿਰ ਕਾਂਗਰਸ ਨੇ 7 ਵਾਰ ਚੋਣਾਂ ਜਿੱਤੀਆਂ ਹਨ। ਹਾਲਾਂਕਿ ਜੇਕਰ ਪਿਛਲੀਆਂ ਤਿੰਨ ਵਾਰ ਹੋਈਆਂ ਚੋਣਾਂ ਦੇ ਅੰਕੜੇ ਵੇਖੀਏ ਤਾਂ ਇਥੇ ਅਕਾਲੀ ਦਲ ਨੇ ਦੋ ਵਾਰ ਲਗਾਤਾਰ ਜਿੱਤ ਦਰਜ ਕੀਤੀ ਹੈ, ਜਦਕਿ ਇੱਕ ਵਾਰ ਕਾਂਗਰਸ ਜਿੱਤੀ।
ਪਿਛਲੀਆਂ ਤਿੰਨ ਵਿਚੋਂ 2 ਵਾਰ ਅਕਾਲੀ ਦਲ ਦਾ ਹੱਥ ਉਪਰ
ਸਾਲ 2009 ‘ਚ ਸ਼੍ਰੋਮਣੀ ਅਕਾਲੀ ਦਲ ਨੂੰ 49.43 ਫ਼ੀਸਦੀ ਵੋਟਾਂ ਮਿਲੀਆਂ ਸਨ, ਜਦਕਿ ਕਾਂਗਰਸੀ ਉਮੀਦਵਾਰ ਨੂੰ 46.03 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ। ਪਰ 2014 ਦੀਆਂ ਚੋਣਾਂ ‘ਚ ਜਿੱਤ ਦਾ ਇਹ ਫਰਕ ਵਧ ਕੇ 10 ਫ਼ੀਸਦੀ ਦੇ ਨੇੜੇ ਪੁੱਜ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਕੁੱਲ 44.91 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਤਾਂ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ ਸਿਰਫ਼ 35.25 ਫ਼ੀਸਦੀ ਵੋਟਾਂ ਹਾਸਲ ਹੋਈਆਂ। ਪਰੰਤੂ 2019 ਦੀਆਂ ਲੋਕ ਸਭਾ ਚੋਣਾਂ ‘ਚ ਬੇਅਦਬੀ ਦਾ ਮੁੱਦਾ ਭਾਰੂ ਰਹਿਣ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਫ਼ੀਸਦੀ ਡਿੱਗ ਗਿਆ ਅਤੇ ਬੀਬੀ ਜਗੀਰ ਕੌਰ ਨੂੰ ਇਥੋਂ 30.51 ਵੋਟਾਂ ਹਾਸਲ ਹੋਈਆਂ। ਜਦਕਿ ਕਾਂਗਰਸ ਨੇ ਇਸ ਵਾਰ ਇਥੇ 43.95 ਫ਼ੀਸਦੀ ਵੋਟਾਂ ਨਾਲ ਜਿੱਤ ਦਰਜ ਕੀਤੀ।
ਜਾਣੋ ਪਾਰਟੀਆਂ ਦੇ ਉਮੀਦਵਾਰਾਂ ਬਾਰੇ
ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ ਲਾਲਜੀਤ ਸਿੰਘ ਭੁੱਲਰ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜੋ ਕਿ ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਦੇ ਅਹੁਦੇ ‘ਤੇ ਵੀ ਬਿਰਾਜਮਾਨ ਹਨ। ਉਹ ਵਿਧਾਨ ਸਭਾ ਹਲਕਾ ਪੱਟੀ ਤੋਂ ਪਾਰਟੀ ਦੇ ਵਿਧਾਇਕ ਹਨ ਅਤੇ 12ਵੀਂ ਪਾਸ ਹਨ। ਹਾਲਾਂਕਿ ਖਡੂਰ ਸਾਹਿਬ ‘ਚ ਲਾਲਜੀਤ ਸਿੰਘ ਭੁੱਲਰ ਨੂੰ ਸਵਰਨਕਾਰਾਂ ਅਤੇ ਰਾਮਗੜ੍ਹੀਆ ਭਾਈਚਾਰੇ ਦੇ ਤਿੱਖੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਇੱਕ ਚੋਣ ਮੀਟਿੰਗ ਦੌਰਾਨ ਭਾਈਚਾਰਿਆਂ ਨੂੰ ਲੈ ਕੇ ਵਿਵਾਦਤ ਬਿਆਨ ਵੀ ਦਿੱਤਾ ਸੀ। ਹਾਲਾਂਕਿ ਉਹ ਆਪਣੇ ਬਿਆਨ ਨੂੰ ਲੈ ਕੇ ਮਾਫੀ ਮੰਗ ਚੁੱਕੇ ਹਨ। ਇਸਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ‘ਚ ਇੱਕ ਨੌਜਵਾਨ ਵੱਲੋਂ ਵੀ ਉਨ੍ਹਾਂ ਨੂੰ ਘੇਰ ਕੇ ਪੰਜਾਬ ਵਿਚੋਂ ਚਿੱਟਾ ਬੰਦ ਕਰਨ ਦੀ ਅਪੀਲ ਕੀਤੀ, ਪਰ ਭੁੱਲਰ ਉਥੋਂ ਬਿਨਾਂ ਜਵਾਬ ਦਿੰਦੇ ਲੰਘ ਗਏ।
ਭਾਜਪਾ ਨੇ ਇਥੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਦੱਸ ਦਈਏ ਕਿ ਮੰਨਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸਨ, ਅਤੇ ਬਾਬਾ ਬਕਾਲਾ ਤੋਂ ਪਾਰਟੀ ਵਿਧਾਇਕ ਰਹੇ ਸਨ। ਪਰੰਤੂ ਫਿਰ 2022 ‘ਚ ਉਹ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਮੰਨਾ ਦੀਆਂ ਇਸ ਦੌਰਾਨ ਕਈ ਵਿਵਾਦਤ ਵੀਡੀਓ ਵੀ ਸੋਸ਼ਲ ਮੀਡੀਆ ਵਾਇਰਲ ਹੋਈਆਂ ਸਨ। ਇਸਤੋਂ ਇਲਾਵਾ ਕਿਸਾਨਾਂ ਵੱਲੋਂ ਭਾਜਪਾ ਦਾ ਤਿੱਖਾ ਵਿਰੋਧ ਵੀ ਉਨ੍ਹਾਂ ਨੂੰ ਹਰ ਥਾਂ ‘ਤੇ ਸਹਿਣਾ ਪੈ ਰਿਹਾ ਹੈ।
ਖਡੂਰ ਸਾਹਿਬ ਹਲਕੇ ਦੀ ਸਭ ਤੋਂ ਵੱਧ ਵਾਰ ਨੁਮਾਇੰਦਗੀ ਦਾ ਮਾਣ ਹਾਸਲ ਸ਼੍ਰੋਮਣੀ ਅਕਾਲੀ ਦਲ ਨੇ ਇਥੋਂ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਟਿਕਟ ਦਿੱਤੀ ਹੈ। ਵਲਟੋਹਾ ਦੋ ਵਾਰ 2007 ‘ਚ ਵਲਟੋਹਾ ਅਤੇ 2012 ਦੀਆਂ ਚੋਣਾਂ ‘ਚ ਖੇਮਕਰਨ ਤੋਂ ਵਿਧਾਇਕ ਰਹਿ ਚੁੱਕੇ ਹਨ। ਉਹ ਪਾਰਟੀ ਦੇ ਸੰਸਦੀ ਸਕੱਤਰ ਵੀ ਰਹਿ ਚੁੱਕੇ ਹਨ ਅਤੇ ਕੋਰ ਕਮੇਟੀ ਮੈਂਬਰ ਵੀ ਹਨ।
ਕਾਂਗਰਸ ਵੱਲੋਂ ਇਸ ਸੀਟ ‘ਤੇ ਜੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਕੁਲਬੀਰ ਸਿੰਘ ਦੇ ਪਿਤਾ ਮਰਹੂਮ ਜਥੇਦਾਰ ਇੰਦਰਜੀਤ ਸਿੰਘ ਜੀਰਾ ਵੀ ਦੋ ਵਾਰ ਵਿਧਾਇਕ ਰਹੇ ਹਨ ਅਤੇ ਦਾਦਾ ਮਰਹੂਮ ਜਥੇਦਾਰ ਗੁਰਦੀਪ ਸਿੰਘ ਜੀਰਾ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਹਨ। 44 ਸਾਲ ਦੇ ਕੁਲਬੀਰ ਸਿੰਘ 2017 ‘ਚ ਕਾਂਗਰਸ ਪਾਰਟੀ ਵੱਲੋਂ ਜੀਰਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਸਨ ਅਤੇ ਜਿੱਤ ਹਾਸਲ ਕੀਤੀ ਸੀ, ਪਰੰਤੂ 2022 ‘ਚ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਆਜ਼ਾਦ ਤੌਰ ‘ਤੇ ਭਾਈ ਅੰਮ੍ਰਿਤਪਾਲ ਸਿੰਘ, ਬਦਲੇ ਸਿਆਸੀ ਸਮੀਕਰਨ
ਸਿਆਸੀ ਪਾਰਟੀਆਂ ਤੋਂ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਵੀ ਇਸ ਸੀਟ ‘ਤੇ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨਗੇ। ਇਸ ਬਾਰੇ ਉਨ੍ਹਾਂ ਦੀ ਮਾਤਾ ਬਲਵਿੰਦਰ ਕੌਰ ਨੇ ਪੁਸ਼ਟੀ ਵੀ ਕੀਤੀ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਅਜਨਾਲਾ ਘਟਨਾ ਨੂੰ ਲੈ ਕੇ 10 ਸਾਥੀਆਂ ਸਮੇਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਪੰਜਾਬ ਸਰਕਾਰ ਨੇ ਉਨ੍ਹਾਂ ਉਪਰ ਦੂਜੀ ਵਾਰ ਐਨਐਸਏ ਵੀ ਲਗਾਇਆ ਹੋਇਆ ਹੈ।
ਸਿਆਸੀ ਤੌਰ ‘ਤੇ ਵੇਖਿਆ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਦੀ ਐਂਟਰੀ ਨੇ ਸਾਰੀਆਂ ਮੁੱਖ ਧਿਰਾਂ ਨੂੰ ਇੱਕ ਮੁੜ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤਾਂ ਇਥੋਂ ਆਪਣਾ ਉਮੀਦਵਾਰ ਹੀ ਵਾਪਸ ਲੈ ਲਿਆ ਹੈ। ਆਮ ਆਦਮੀ ਪਾਰਟੀ ਭਾਵੇਂ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ‘ਚ ਵਿਚੋਂ 2022 ‘ਚ 7 ਹਲਕਿਆਂ ‘ਤੇ ਚੋਣ ਜਿੱਤਣ ‘ਚ ਕਾਮਯਾਬ ਰਹੀ, ਪਰ ਹੁਣ ਪੰਥਕ ਲਹਿਰ ਹੋਣ ਕਾਰਨ ਜਿੱਤ ਹਾਸਲ ਕਰਨਾ ਟੇਢੀ ਖੀਰ ਸਾਬਤ ਹੋਵੇਗਾ। ਹਾਲਾਂਕਿ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦਾ ਐਲਾਨ ਤਾਂ ਕੀਤਾ ਗਿਆ ਹੈ, ਪਰ ਕੀ ਉਹ ਜੇਲ੍ਹ ਵਿਚੋਂ ਚੋਣ ਲੜ ਸਕਣਗੇ ਜਾਂ ਨਹੀਂ? ਇਹ ਵੀ ਇੱਕ ਸਵਾਲ ਬਣਿਆ ਹੋਇਆ ਹੈ।
ਪੰਜਾਬ ਦੇ ਇਤਿਹਾਸ ‘ਚ ਹੁਣ ਤੱਕ 5 ਲੀਡਰ ਜੇਲ੍ਹ ‘ਚੋਂ ਜਿੱਤੇ
ਲੋਕ ਸਭਾ ਚੋਣਾਂ ਦੇ ਇਤਿਹਾਸ ‘ਤੇ ਨਜ਼ਰ ਮਾਰੀ ਜਾਵੇ ਤਾਂ ਇਥੇ ਇਹ ਤੱਥ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਹੁਣ ਤੱਕ 5 ਵਾਰੀ ਅਜਿਹਾ ਹੋਇਆ ਹੈ ਕਿ ਜੇਲ੍ਹ ਵਿਚੋਂ ਹੀ ਉਮੀਦਵਾਰ ਜਿੱਤਣ ਵਿੱਚ ਕਾਮਯਾਬ ਰਹੇ ਹਨ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1989 ‘ਚ ਜੇਲ੍ਹ ‘ਚ ਰਹਿੰਦਿਆਂ ਚੋਣ ਜਿੱਤੀ ਸੀ। ਇਸਤੋਂ ਇਲਾਵਾ ਉਨ੍ਹਾਂ ਦੀ ਪਾਰਟੀ ਦੇ ਹੀ ਅਤਿੰਦਰਪਾਲ ਸਿੰਘ ਨੇ 1989 ‘ਚ ਹੀ ਪਟਿਆਲਾ ਤੋਂ, ਆਜ਼ਾਦੀ ਘੁਲਾਟੀਏ ਕਾਮਰੇਡ ਵਧਾਵਾ ਰਾਮ ਨੇ 1952 ‘ਚ ਜਦੋਂ ਉਹ ਜੇਲ੍ਹ ‘ਚ ਸਨ, ਨੇ ਫਾਜ਼ਿਲਕਾ ਤੋਂ ਖੱਬੇਪੱਖੀ ਪਾਰਟੀ ਵੱਲੋਂ ਚੋਣ ਲੜੀ ਤੇ ਜਿੱਤ ਹਾਸਲ ਕੀਤੀ ਸੀ।
1954 ‘ਚ ਸੀਪੀਆਈ ਦੇ ਜਗੀਰ ਸਿੰਘ ਜੋਗਾ ਨੇ ਮਾਨਸਾ ਤੋਂ ਚੋਣ ਲੜੀ। ਇਸ ਦੌਰਾਨ ਉਨ੍ਹਾਂ ਨੇ ਇੱਕ ਵਾਰ ਵੀ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਨਹੀਂ ਕੀਤੀ, ਪਰ ਲੋਕਾਂ ਨੇ ਜੇਲ੍ਹ ਵਿੱਚ ਹੀ ਉਨ੍ਹਾਂ ਨੂੰ ਜਿਤਾ ਦਿੱਤਾ। ਉਨ੍ਹਾਂ ਨਾਲ ਹੀ ਪਾਰਟੀ ਦੇ ਬੁਢਲਾਡਾ ਹਲਕੇ ਤੋਂ ਕਾਮਰੇਡ ਧਰਮ ਸਿੰਘ ਫੱਕਰ ਵੀ ਜੇਲ੍ਹ ਵਿਚੋਂ ਹੀ ਚੋਣ ਜਿੱਤੇ ਸਨ ਅਤੇ ਵਿਧਾਇਕ ਚੁਣੇ ਗਏ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ